| Similar Articles | Articles by this Reporter | |
| Contact Reporter | Tell-a-friend |
ਨੌਂ ਨਵੰਬਰ ਦਾ ਦਿਨ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਦਾ ਇੱਕ ਹੋਰ ਕਾਲਾ ਦਿਨ ਬਣ ਗਿਆ ਹੈ। ਜੋ ਕੁਝ ਮਹਾਂਰਾਸ਼ਟਰ ਦੀ ਵਿਧਾਨ ਸਭਾ ਅੰਦਰ ਹੋਇਆ-ਵਾਪਰਿਆ, ਉਸ ਦਾ ਕਿਸੇ ਨੂੰ ਵੀ ਸ਼ਾਇਦ ਅਗਾਊਂ ਕਿਆਸ ਨਾ ਹੋਵੇ। ਹਾਲੇ ਤਾਂ ਵਿਧਾਨ ਸਭਾ ਲੀਹੇ ਨਹੀਂ ਸੀ ਪਈ ਕਿ ਧਮੱਚੜ ਪੈ ਗਿਆ। ਮੈˆਬਰਾਂ ਦੇ ਸਹੁੰ ਚੁੱਕਣ ਪਿੱਛੋਂ ਅਗਲੀ ਕਾਰਵਾਈ ਸ਼ੁਰੂ ਹੋਣੀ ਸੀ ਤੇ ਏਥੇ ਸਹੁੰ ਚੁੱਕ ਸਮਾਗਮ ਹੀ ਲੜਾਈ ਦਾ ਅਖਾੜਾ ਬਣ ਗਿਆ। ਇਸ ਤੋਂ ਸ਼ਰਮਨਾਕ ਗੱਲ ਹੋਰ ਹੋ ਨਹੀਂ ਸਕਦੀ।
ਮਾਮਲਾ ਓਦੋਂ ਵਿਗੜਿਆ, ਜਦੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ ਸਹੁੰ ਚੁੱਕਣ ਲੱਗੇ। ਅਬੂ ਆਜ਼ਮੀ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਕਿ ਉਹ ਹਿੰਦੀ ਭਾਸ਼ਾ ਵਿੱਚ ਸਹੁੰ ਚੁੱਕਣਗੇ, ਤੇ ਇਸ ਗੱਲ ਦੀ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਅਗਾਊਂ ਪ੍ਰਵਾਨਗੀ ਵੀ ਲੈ ਰੱਖੀ ਸੀ। ਦੂਜੇ ਪਾਸੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਪਹਿਲਾਂ ਹੀ ਇਹ ਐਲਾਨ ਕਰ ਰੱਖਿਆ ਸੀ ਕਿ ਹਰ ਵਿਧਾਇਕ ਨੂੰ ਸਿਰਫ਼ ਮਰਾਠੀ ਭਾਸ਼ਾ ਵਿੱਚ ਸਹੁੰ ਚੁੱਕਣੀ ਪਵੇਗੀ ਤੇ ਜੇ ਇੰਝ ਨਾ ਕੀਤਾ ਤਾਂ ਫਿਰ ਉਸ ਦੀ ਪਾਰਟੀ ਦੇ ਵਿਧਾਇਕ ਆਪਣਾ ਰੰਗ ਵਿਖਾਉਣਗੇ। ਜਦੋਂ ਹੀ ਅਬੂ ਆਜ਼ਮੀ ਨੇ ਹਿੰਦੀ ਵਿੱਚ ਸਹੁੰ ਚੁੱਕਣ ਦਾ ਅਮਲ ਆਰੰਭਿਆ, ਰਾਜ ਠਾਕਰੇ ਦੀ ਵਿਧਾਇਕ ਮੰਡਲੀ ਆਪਣੀ ਔਕਾਤ ਉੱਤੇ ਉੱਤਰ ਆਈ ਤੇ ਮਾਹੌਲ ਏਨਾ ਵਿਗੜ ਗਿਆ ਕਿ ਮਾਰਸ਼ਲ ਬੁਲਾਉਣੇ ਪੈ ਗਏ। ਰਾਜ ਠਾਕਰੇ ਦੀ ਪਾਰਟੀ ਦੇ ਮੈˆਬਰਾਂ ਨੇ ਅਬੂ ਆਜ਼ਮੀ ਤੋਂ ਕਾਗਜ਼ ਤੇ ਮਾਈਕ ਤਾਂ ਖੋਹੇ ਹੀ, ਉਹਨਾਂ ਦੇ ਇੱਕ ਵਿਧਾਇਕ ਨੇ ਆਜ਼ਮੀ ਨੂੰ ਕੈਮਰਿਆਂ ਦੀ ਮੌਜੂਦਗੀ ’ਚ ਥੱਪੜ ਵੀ ਮਾਰ ਦਿੱਤਾ।
ਇਹ ਹੱਦੋਂ ਬਾਹਰੀ ਬਦਤਮੀਜ਼ੀ ਸੀ। ਰਾਜ ਠਾਕਰੇ ਦੀ ਧਾੜ ਹੁਣ ਤੱਕ ਸਰਕਾਰੀ ਤੇ ਨਿੱਜੀ ਕੰਪਨੀਆਂ ਦੇ ਦਫ਼ਤਰਾਂ ਅੰਦਰ ਜਾ ਕੇ ਕਿਸੇ ਦੀ ਮਾਰ-ਕੁਟਾਈ ਜਾਂ ਮੂੰਹ ਕਾਲਾ ਕਰ ਦੇਣ ਦੀਆਂ ਹਰਕਤਾਂ ਕਰਦੀ ਆਈ ਸੀ। ਬਹਾਨਾ ਹਰ ਵਾਰੀ ਉਹ ਮਰਾਠੀ ਮਾਣ-ਸਨਮਾਨ ਦਾ ਬਣਾਉਂਦੇ ਸਨ। ਅਸਲ ਗੱਲ ਮਰਾਠੀ ਮਾਣ-ਸਨਮਾਨ ਦੀ ਨਹੀਂ, ਸਗੋਂ ਇਹ ਹੈ ਕਿ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨਾਲੋਂ ਵੱਖਰਾ ਹੋਣ ਪਿੱਛੋਂ ਭਤੀਜਾ ਰਾਜ ਠਾਕਰੇ ਆਪਣੇ ਖਾੜਕੂਪੁਣੇ ਨਾਲ ਮਰਾਠੇ ਲੋਕਾਂ ਦੀ ਨਜ਼ਰ ਵਿੱਚ ਹੀਰੋ ਬਣਨਾ ਚਾਹੁੰਦਾ ਸੀ। ਇਸ ਕਰਕੇ ਉਹ ਸ਼ਿਵ ਸੈਨਾ ਨਾਲੋਂ ਵੱਧ ਖੌਰੂ ਪਾਉਣ ਲੱਗ ਪਿਆ ਤੇ ਮੌਕੇ ਦੀ ਸਰਕਾਰ ਇਸ ਨੂੰ ਵੇਲੇ ਸਿਰ ਰੋਕਣ ਦਾ ਉਪਰਾਲਾ ਨਾ ਕਰ ਸਕੀ।
ਵਿਧਾਨ ਸਭਾ ਚੋਣਾਂ ਮਗਰੋਂ ਰਾਜ ਠਾਕਰੇ ਇੱਕ ਤਾਕਤ ਵਜੋਂ ਉੱਭਰਿਆ ਹੈ। ਬਿਨਾਂ ਸ਼ੱਕ ਇਹ ਅਜੇ ਛੋਟੀ ਤਾਕਤ ਹੈ, ਪਰ ਉਹ ਜਾਣਦਾ ਹੈ ਕਿ ਇਸ ਛੋਟੀ ਨੂੰ ਵੱਡੀ ਬਣਾਉਣ ਲਈ ਇੱਕੋ ਤਰੀਕਾ ਸਥਾਨਕ ਲੋਕਾਂ ਦੀਆਂ ਖੇਤਰੀ ਭਾਵਨਾਵਾਂ ਨੂੰ ਭੜਕਾਉਣ ਦਾ ਹੀ ਹੈ, ਜਿਹੜਾ ਉਹ ਵਰਤ ਸਕਦਾ ਹੈ। ਨਾ ਉਸ ਕੋਲ ਕੋਈ ਵਿਕਾਸ ਦੀਆਂ ਯੋਜਨਾਵਾਂ ਹਨ, ਨਾ ਰਾਜ ਦੇ ਲੋਕਾਂ ਨੂੰ ਵਿਖਾਉਣ ਯੋਗ ਕੋਈ ਭਵਿੱਖ-ਨਕਸ਼ਾ ਹੀ। ਲੈ-ਦੇ ਕੇ ਜਿਹੜਾ ਖੇਤਰੀਵਾਦ ਦੀਆਂ ਭਾਵਨਾਵਾਂ ਭੜਕਾਉਣ ਦਾ ਰਸਤਾ ਉਸ ਨੇ ਅਖਤਿਆਰ ਕਰ ਲਿਆ ਹੈ, ਇਹ ਉਸ ਤੋਂ ਪਹਿਲਾਂ ਕਈ ਹੋਰ ਵੀ ਕਰ ਚੁੱਕੇ ਹਨ। ਜਿਸ ਕਿਸੇ ਰਾਜ ਅੰਦਰ ਖੇਤਰੀਵਾਦ ਦਾ ਜਿੰਨ ਇੱਕ ਵਾਰੀ ਬੋਤਲ ਵਿੱਚੋਂ ਬਾਹਰ ਕੱਢਿਆ ਗਿਆ, ਫਿਰ ਉਸ ਰਾਜ ਅੰਦਰ ਸੌਖੀ ਤਰ੍ਹਾਂ ਅਮਨ ਸਥਾਪਤ ਨਹੀਂ ਹੋ ਸਕਿਆ। ਹਿੰਦੁਸਤਾਨ ਦੇ ਲੋਕਾਂ ਨੇ ਖੇਤਰੀਵਾਦ ਦੇ ਬੜੇ ਝੱਖੜ ਝੱਲੇ ਹੋਏ ਹਨ। ਕਦੇ ਇਹ ਦੱਖਣ ਵਿੱਚ ਉੱਠਦੇ ਰਹੇ ਹਨ, ਕਦੇ ਉੱਤਰ ਵਿੱਚ ਤੇ ਕਦੇ ਉੱਤਰ-ਪੂਰਬ ਵਿੱਚ। ਜਿੱਥੇ ਵੀ ਕਿਸੇ ਧਿਰ ਨੇ ਭਾਂਡੇ-ਮੀਂਡੇ ਦਾ ਇਹ ਰਸਤਾ ਅਖਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਵਕਤੀ ਤੌਰ ’ਤੇ ਤਾਂ ਉਸ ਨੇ ਕੋਈ ਨਾ ਕੋਈ ਲਾਹਾ ਲੈ ਲਿਆ ਹੋਵੇਗਾ, ਲੰਮੇ ਸਮੇਂ ਲਈ ਉਸ ਨੂੰ ਵੀ ਚੈਨ ਨਸੀਬ ਨਹੀਂ ਹੋ ਸਕਿਆ। ਸਮਾਂ ਪਾ ਕੇ ਉਸ ਦੇ ਆਪਣੇ ਅੰਦਰੋਂ ਕੋਈ ਨਾ ਕੋਈ ਉਸ ਤੋਂ ਤਿੱਖਾ ਏਦਾਂ ਹੀ ਪੈਦਾ ਹੁੰਦਾ ਰਿਹਾ ਹੈ, ਜਿਵੇਂ ਹੁਣ ਬਾਲ ਠਾਕਰੇ ਦੀ ਸ਼ਿਵ ਸੈਨਾ ਦੇ ਅੰਦਰੋਂ ਉਸ ਦਾ ਭਤੀਜਾ ਰਾਜ ਠਾਕਰੇ ਨਿਕਲਿਆ ਹੈ। ਇਹ ਵੀ ਤਾਂ ਕੋਈ ਆਖਰੀ ਨਹੀਂ ਹੋਣਾ।
ਭਾਰਤ ਦੇਸ਼ ਏਕਤਾ ਵਿੱਚ ਅਨੇਕਤਾ ਸਮੋਈ ਬੈਠਾ ਹੈ। ਇਸ ਵਿੱਚ ਬਹੁਤ ਸਾਰੇ ਧਰਮਾਂ, ਜਾਤਾਂ, ਨਸਲਾਂ ਦੇ ਲੋਕ ਹਨ ਤੇ ਸੰਵਿਧਾਨ ਹਰ ਕਿਸੇ ਨੂੰ ਕਿਸੇ ਵੀ ਥਾਂ ਜਾ ਕੇ ਵਸਣ ਤੇ ਵਿਗਸਣ ਦੇ ਮੌਕੇ ਦੇਣ ਦਾ ਹੱਕ ਦੇਂਦਾ ਹੈ। ਜਿਹੜੇ ਉੱਤਰ ਭਾਰਤੀਆਂ ਜਾਂ ਹਿੰਦੀ ਭਾਸ਼ੀਆਂ ਦਾ ਰਾਜ ਠਾਕਰੇ ਵਿਰੋਧ ਕਰ ਰਿਹਾ ਹੈ, ਉਹਨਾਂ ਨੇ ਮਹਾਂਰਾਸ਼ਟਰ ਤੇ ਖਾਸ ਕਰਕੇ ਮੁੰਬਈ ਨੂੰ ਖੁਸ਼ਹਾਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ। ਖੇਤਰੀਵਾਦ ਦੇ ਨਾਂਅ ਉੱਤੇ ਰਾਜ ਠਾਕਰੇ ਜਾਂ ਉਹਦੇ ਵਰਗੇ ਜੋ ਕੁਝ ਕਰਦੇ ਫਿਰਦੇ ਹਨ, ਉਹ ਦੇਸ਼ ਦੇ ਲੋਕਤੰਤਰ ਦੀ ਬੁਨਿਆਦ ਉੱਤੇ ਵਾਰ ਹੈ। ਇਸ ਕੋਝੀ ਹਰਕਤ ਨੂੰ ਅਣਗੌਲਿਆ ਵੀ ਨਹੀਂ ਕਰਨਾ ਚਾਹੀਦਾ, ਬਰਦਾਸ਼ਤ ਵੀ ਨਹੀਂ ਤੇ ਹਰ ਕਿਸੇ ਨੂੰ ਇਸ ਦਾ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।
PassPort Login