Today: July 31, 2010
Editorials




ਭਾਰਤ ਦਾ 61ਵਾਂ ਗਣਤੰਤਰ ਦਿਵਸ

Published January 29, 2010

ਭਾਰਤੀ ਗਣਰਾਜ ਸੱਠ ਵਰ੍ਹਿਆਂ ਦਾ ਹੋ ਗਿਆ ਹੈ। ਇਨ੍ਹਾਂ ਛੇ ਦਹਾਕਿਆਂ ’ਚ ਦੇਸ਼ ਨੇ ਕਾਰਗਿਲ ਸਮੇਤ ਚਾਰ ਜੰਗਾਂ ਲੜੀਆਂ ਤੇ ਉਪ ਮਹਾਂਦੀਪ ’ਚ ਇਕ ’ਬੰਗਲਾਦੇਸ਼’ ਨਾਂ ਦਾ ਨਵਾਂ ਦੇਸ਼ ਵੀ ਹੋਂਦ ’ਚ ਆਇਆ ਜਿਸ ਦੀ ਅਜ਼ਾਦੀ ’ਚ ਭਾਰਤ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਦੇਸ਼ ’ਚ ਇਸ ਸਮੇਂ ਦੌਰਾਨ ਪੰਜ ਸਾਲਾ ਯੋਜਨਾਵਾਂ ਦੇ ਫਲਸਰੂਪ ਵੱਡੀ ਪੱਧਰ ’ਤੇ ਸਨਅਤੀਕਰਨ ਦਾ ਰਾਹ ਪੱਧਰਾ ਹੋਇਆ। ਇਸੇ ਸਮੇਂ ਦੇਸ਼ ਦੇ ਬਹੁਤ ਸਾਰੇ ਦਰਿਆਵਾਂ ’ਤੇ ਪਣ-ਬਿਜਲੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਦੇ ਫਲਸਰੂਪ ਬਿਜਲੀ ਦੇ ਨਾਲ-ਨਾਲ ਸਿੰਚਾਈ ਲਈ ਵੀ ਸਹੂਲਤਾਂ ਹੋਂਦ ’ਚ ਆਈਆਂ। 1970ਵਿਆਂ ਦੇ ਸ਼ੁਰੂ ’ਚ ਦੇਸ਼ ’ਚ ਹਰਾ ਇਨਕਲਾਬ ਆਇਆ ਜਿਸ ਨੇ ਅਨਾਜ ਦੀ ਘਾਟ ਪੂਰੀ ਕਰ ਦਿੱਤੀ ਤੇ ਭਾਰਤ ਖੁਰਾਕ ਦੇ ਮਾਮਲੇ ’ਚ ਲਗਭਗ ਆਤਮਨਿਰਭਰ ਹੋ ਗਿਆ। ਪਿਛਲੀ ਸਦੀ ਦੇ ਅਖੀਰਲੇ ਵਰ੍ਹਿਆਂ ’ਚ ਦੇਸ਼ ਇਕ ਪ੍ਰਮਾਣੂ ਸ਼ਕਤੀ ਵੀ ਬਣ ਗਿਆ। ਪਿਛਲੇ ਲਗਭਗ ਦੋ ਦਹਾਕਿਆਂ ਦੌਰਾਨ ਭਾਰਤ ’ਚ ਸਨਅਤੀਕਰਨ ਦੀ ਗਤੀ ਤੇਜ਼ ਹੋ ਗਈ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ’ਚ ਦੇਸ਼ ਨੇ ਸਾਰੇ ਸੰਸਾਰ ’ਚ ਆਪਣਾ ਨਾਮ ਪੈਦਾ ਕਰ ਲਿਆ। ਇਸੇ ਸਮੇਂ ਦੌਰਾਨ ਦੇਸ਼ ਨੇ ਪੁਲਾੜ-ਵਿਗਿਆਨ ਦੇ ਖੇਤਰ ’ਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਅਤੇ ਦੇਸ਼ ਚੰਦਰਮਾ ’ਤੇ ਝੰਡਾ ਗੱਡਣ ’ਚ ਵੀ ਸਫ਼ਲ ਹੋਇਆ ਹੈ । ਭਾਰਤ ਮਿਜ਼ਾਇਲ ਤਕਨਾਲੋਜੀ ਵੀ ਵਿਸ਼ਵ ਪੱਧਰ ਦੀ ਹਾਸਲ ਕਰ ਚੁੱਕਾ ਹੈ।
ਇਨ੍ਹਾਂ ਕੁਝ ਕੁ ਪ੍ਰਾਪਤੀਆਂ ਦੇ ਨਾਲ-ਨਾਲ ਦੇਸ਼ ਨੂੰ ਕਈ ਸ਼ਰਮਨਾਕ ਘਟਨਾਵਾਂ ਤੇ ਵਰਤਾਰਿਆਂ ਦਾ ਸਾਹਮਣਾ ਵੀ ਕਰਨਾ ਪਿਆ। 1975 ’ਚ ਦੇਸ਼ ’ਚ ਪਹਿਲੀ ਵਾਰ ਐਮਰਜੈˆਸੀ ਲਗਾਈ ਗਈ ਜਿਸ ਦੇ ਫਲਸਰੂਪ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਹਨਨ ਹੋਇਆ। ਖੁਸ਼ਕਿਸਮਤੀ ਨੂੰ ਇਹ ਐਮਰਜੈˆਸੀ ਦੋ ਸਾਲਾਂ ਤੋਂ ਵੀ ਘੱਟ ਸਮੇਂ ਲਈ ਹੀ ਲਾਗੂ ਰਹੀ ਅਤੇ ਇਸ ਤੋਂ ਤੁਰੰਤ ਬਾਅਦ ਦੇਸ਼ ’ਚ ਦੁਬਾਰਾ ਜਮਹੂਰੀਅਤ ਦਾ ਬੋਲਬਾਲਾ ਹੋ ਗਿਆ। ਪਰ 80ਵਿਆਂ ਦਾ ਦਹਾਕਾ ਭਾਰਤ ਦੇ ਇਤਿਹਾਸ ’ਚ ਬਹੁਤ ਵੱਡੇ ਸੰਕਟ ਲੈ ਕੇ ਆਇਆ। 1984 ’ਚ ਇਕ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਤੇ ਪੰਜਾਬ ’ਚ ਦਰਬਾਰ ਸਾਹਿਬ ’ਤੇ ਭਾਰਤੀ ਫੌਜਾਂ ਦੁਆਰਾ ’ਅਪਰੇਸ਼ਨ ਬਲਿਊ ਸਟਾਰ’ ਨੂੰ ਅੰਜਾਮ ਦਿੱਤਾ ਗਿਆ ਜਿਸ ਨੇ ਸਿੱਖ ਮਾਨਸਿਕਤਾ ’ਤੇ ਗਹਿਰਾ ਮਨੋਵਿਗਿਆਨਕ ਦਾਗ ਹਮੇਸ਼ਾ ਲਈ ਛੱਡ ਦਿੱਤਾ। ਇਸੇ ਵਰ੍ਹੇ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ’ਚ ਵੱਡੀ ਪੱਧਰ ’ਤੇ ਸਿੱਖ ਵਿਰੋਧੀ ਦੰਗੇ ਹੋਏ ਜਿਨ੍ਹਾਂ ਨੇ ਹਜ਼ਾਰਾਂ ਬੇਕਸੂਰ ਸਿੱਖਾਂ ਦੀ ਜੀਵਨ ਲੀਲਾ ਖਤਮ ਕਰ ਦਿੱਤੀ। ਇਸ ਤੋਂ ਮਗਰੋਂ ਵੀਹਵੀਂ ਸਦੀ ਦੇ ਆਖਰੀ ਦਹਾਕੇ ਦੇ ਸ਼ੁਰੂ ’ਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਕੁਝ ਸਮਾਂ ਬਾਅਦ ਹੀ ਹਿੰਦੂਤਵ ਦੀਆਂ ਸੰਪਰਦਾਇਕ ਸ਼ਕਤੀਆਂ ਨੇ ਬਾਬਰੀ ਮਸਜਦ ਢਾਹ ਦਿੱਤੀ ਤੇ ਦੇਸ਼ ’ਚ ਵੱਡੀ ਪੱਧਰ ’ਤੇ ਫਿਰਕੂ ਦੰਗੇ ਫੈਲਾ ਦਿੱਤੇ। ਇਸ ਤੋਂ ਮਗਰੋਂ ਇਕੀਵੀਂ ਸਦੀ ਦੇ ਮੁਢਲੇ ਸਾਲਾਂ ’ਚ ਹੀ ਗੁਜਰਾਤ ’ਚ ਹਿੰਦੂਤਵ ਦੀਆਂ ਸ਼ਕਤੀਆਂ ਵੱਲੋਂ ਮੁਸਲਿਮ ਵਿਰੋਧੀ ਦੰਗਿਆਂ ਨੂੰ ਭੜਕਾਇਆ ਗਿਆ ਤੇ ਗੁਜਰਾਤ ’ਚ ਹਜ਼ਾਰਾਂ ਮੁਸਲਮਾਨਾਂ ਨੂੰ ਖਤਮ ਕਰ ਦਿੱਤਾ। ਇਹ ਕੁਝ ਕੁ ਕਾਲੀਆਂ ਘਟਨਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਦੇਸ਼ ਦਾ ਨਾਂ ਸਾਰੀ ਦੁਨੀਆਂ ’ਚ ਬਦਨਾਮ ਕੀਤਾ।
ਇਕੀਵੀਂ ਸਦੀ ’ਚ ਅਪ੍ਰੈਲ 2004 ’ਚ ਖੱਬੀਆਂ ਤੇ ਜਮਹੂਰੀ ਪਾਰਟੀਆਂ ਨੇ ਫਿਰਕੂ ਤਾਕਤਾਂ ਨੂੰ ਲੋਕ ਸਭਾ ਦੀਆਂ ਚੌਦਵੀਆਂ ਚੋਣਾਂ ’ਚ ਹਰਾਇਆ ਤੇ ਮੁਲਕ ਦੇ ਸਿਆਸੀ ਖੇਤਰ ’ਚ ਮੁੜ ਧਰਮ-ਨਿਰਪੱਖ ਪਾਰਟੀਆਂ ਨੂੰ ਅੱਗੇ ਲੈ ਆਂਦਾ। ਭਾਵੇਂ 2004 ਦੀਆਂ ਚੋਣਾਂ ਤੋਂ ਬਾਅਦ ਭਾਰਤ ਦੀਆਂ ਖੱਬੀਆਂ ਪਾਰਟੀਆਂ ਦੇ ਦਬਾਅ ਕਾਰਨ ਯ. ੂਪੀ. ਏ. ਦੀ ਸਰਕਾਰ ਜਨਤਕ ਅਦਾਰਿਆਂ ਦਾ ਉਸ ਕਦਰ ਨਿੱਜੀਕਰਨ ਨਹੀਂ ਕਰ ਸਕੀ ਜਿਵੇਂ ਉਹ ਚਾਹੁੰਦੀ ਸੀ ਪਰ ਫਿਰ ਵੀ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਧਨਾਢ ਪਾਰਟੀਆਂ ਨੇ ਨਿੱਜੀਕਰਨ ਨੂੰ ਬੜਾਵਾ ਦਿੱਤਾ ਤੇ ਜੁਲਾਈ 2008 ’ਚ ਭਾਰਤ ਤੇ ਅਮਰੀਕਾ ਨਾਲ ਗੈਰ ਫ਼ੌਜੀ ਪ੍ਰਮਾਣੂ ਸਮਝੌਤਾ ਕਰਕੇ ਦੇਸ਼ ਨੂੰ ਅਮਰੀਕਾ ਦੀ ਕੌਮਾਂਤਰੀ ਰਣਨੀਤੀ ਦਾ ਹਿੱਸੇਦਾਰ ਬਣਾ ਦਿੱਤਾ ਜਿਸ ਕਾਰਨ ਗੁੱਟ-ਨਿਰਲੇਪ ਲਹਿਰ ਨੂੰ ਭਾਰੀ ਢਾਅ ਲੱਗੀ। ਹੁਣ 2009 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੇ ਯ. ੂਪੀ. ਏ. ਨੂੰ ਕੁਝ ਸਮੇਂ ਲਈ ਆਪਣੇ ਨਿੱਜੀਕਰਨ ਦੇ ਪ੍ਰੋਗਰਾਮ ਨੂੰ ਰੋਕਣਾ ਪਿਆ ਕਿਉਂਕਿ ਇਸੇ ਦੌਰਾਨ ਸਾਰਾ ਵਿਸ਼ਵ ਮੰਦੀ ਦੀ ਮਾਰ ਹੇਠ ਆ ਗਿਆ। ਇਸ ਦੇ ਫਲਸਰੂਪ ਪੂੰਜੀਵਾਦੀ ਵਿਕਸਤ ਦੇਸ਼ਾਂ ਨੂੰ ਨਿੱਜੀਕਰਨ ਨੂੰ ਕੁਝ ਸਮੇਂ ਲਈ ਪਿੱਛੇ ਪਾ ਕੇ ਜਨਤਕ ਖੇਤਰ ਨੂੰ ਉਤਸ਼ਾਹਿਤ ਕਰਨਾ ਪਿਆ।
ਇਸ ਅਮਲ ਦਾ ਪ੍ਰਭਾਵ ਭਾਰਤ ’ਤੇ ਵੀ ਪਿਆ। ਕਿਉਂਕਿ ਭਾਰਤ ’ਚ ਪਹਿਲਾਂ ਹੀ ਜਨਤਕ ਖੇਤਰ ਦੇ ਵਿੱਤੀ ਤੇ ਬੀਮਾ ਅਦਾਰੇ ਤਕੜੇ ਸਨ ਇਸ ਲਈ ਦੇਸ਼ ਆਰਥਿਕ ਮੰਦੀ ਦਾ ਬਾਕੀ ਮੁਲਕਾਂ ਨਾਲੋਂ ਵਧੇਰੇ ਕਾਮਯਾਬੀ ਨਾਲ ਮੁਕਾਬਲਾ ਕਰਨ ਦੇ ਯੋਗ ਹੋ ਗਿਆ। ਮੰਦੀ ਦੇ ਇਸੇ ਸਮੇਂ ’ਚ ਭਾਰਤ ’ਚ ਖੁਰਾਕ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਜਿਸ ਕਾਰਨ ਆਮ ਆਦਮੀ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਭਾਰਤ ’ਚ ਪਿਛਲੇ ਸਮਿਆਂ ’ਚ ਭ੍ਰਿਸ਼ਟਾਚਾਰ ਪਹਿਲਾਂ ਦੀ ਤਰ੍ਹਾਂ ਭਾਰੂ ਰਿਹਾ ਤੇ ਦੇਸ਼ ਦੀ ਸਿਆਸਤ ਦੇ ਅਪਰਾਧੀਕਰਨ ’ਚ ਕੋਈ ਜ਼ਿਕਰਯੋਗ ਸਿਫਤੀ ਤਬਦੀਲੀ ਨਹੀਂ ਆਈ। ਪਿਛਲੇ ਕੁਝ ਦਹਾਕਿਆਂ ’ਚ ਦੇਸ਼ ਦੀ ਸਿਆਸਤ ’ਚ ਪਰਿਵਾਰਵਾਦ ਭਾਰੂ ਰਿਹਾ ਤੇ ਭਾਰਤ ਦੀ ਸਾਰੀ ਰਾਜਨੀਤੀ ਪੈਸੇ ਤੇ ਭਾਈ-ਭਤੀਜਾਵਾਦ ਦੇ ਦੁਆਲੇ ਘੁੰਮਣ ਲੱਗੀ। ਇਹ ਠੀਕ ਹੈ ਕਿ ਦੇਸ਼ ’ਚ ਕੁਲ ਮਿਲਾ ਕੇ ਜਮਹੂਰੀ ਅਮਲ ਬਾਕੀ ਤੀਜੇ ਜਗਤ ਦੇ ਮੁਲਕਾਂ ਦੇ ਮੁਕਾਬਲੇ ਵਧੇਰੇ ਸਿਹਤਮੰਦ ਸਾਬਤ ਹੋਇਆ ਪਰ ਜਿਹੜੀ ਕੁਰੀਤੀਆਂ ਜਮਹੂਰੀ ਅਮਲ ’ਚ ਆਈਆਂ ਹਨ ਉਨ੍ਹਾਂ ਨੂੰ ਪਛਾੜਣ ਲਈ ਅਜੇ ਦੇਸ਼ ਦੀ ਲੀਡਰਸ਼ਿਪ ਨੇ ਕੋਈ ਵੀ ਸਾਰਥਿਕ ਰਣਨੀਤੀ ਨਹੀਂ ਬਣਾਈ। ਅੱਜ ਜਦੋਂ ਭਾਰਤ ਗਣਰਾਜ ਸੱਠ ਵਰ੍ਹਿਆਂ ਦਾ ਹੋ ਗਿਆ ਹੈ ਤਾਂ ਇਸ ਦੇ ਪਿਛਲੇ ਇਤਿਹਾਸ ਤੋਂ ਇਕ ਆਸ ਦੀ ਕਿਰਨ ਤਾਂ ਨਜ਼ਰ ਆਉਂਦੀ ਹੈ ਪਰ ਇਨ੍ਹਾਂ ਸੱਠਾਂ ਸਾਲਾਂ ਦੇ ਨਤੀਜੇ ਓਨੇ ਰੰਗੀਨ ਨਹੀਂ ਨਿਕਲੇ ਜਿੰਨੀ ਆਸ ਸੀ। ਦੇਸ਼ ’ਚ ਬੇਰੁਜ਼ਗਾਰੀ, ਅਨਪੜ੍ਹਤਾ, ਭੁੱਖਮਰੀ ਤੇ ਬਿਮਾਰੀ, ਬਿਜਲੀ ਤੇ ਪੀਣਯੋਗ ਪਾਣੀ ਦੀ ਘਾਟ ਆਦੀ ਅਲਾਮਤਾਂ ਪਹਿਲਾਂ ਦੀ ਤਰ੍ਹਾਂ ਹੀ ਮੌਜੂਦ ਹਨ। ਇਸ ਲਈ ਭਾਰਤ ਦੇ ਪਿਛਲੇ ਛੇ ਦਹਾਕਿਆਂ ਨੂੰ ਇਕ ਮਿਲੀ-ਜੁਲੀ ਸਫਲਤਾ ਦਾ ਸਮਾਂ ਹੀ ਕਿਹਾ ਜਾ ਸਕਦਾ ਹੈ।


Added 2010-01-27 16:40:10

Modified 2010-01-27 16:40:10




<    Displaying 1-1 of 1 Articles    >    Page:


PassPort Login




©2010 The Punjabi Patrika. All Rights Reserved.


Last Modified: 2010-04-30 10:08:30
022mxo(801mns.008)
ver : 1.0.0