Today: July 31, 2010
News




ਇਤਿਹਾਸ-ਮਿਥਿਹਾਸ ਤੇ ਇਤਹਾਸਕ ਪਦਾਰਥਵਾਦ

Published March 12, 2010

ਪ੍ਰੋਹਿਤਵਾਦ ਦਾ ਜਨਮ

ਜਮਾਤੀ ਸੰਘਰਸ਼ ਤਿੱਖਾ ਹੋਣ ਨਾਲ ਅਤੇ ਪੈਦਾਵਾਰ ਕਰਨ ਤੇ ਕਰਵਾਉਣ ਵਾਲਿਆਂ ਦੀ ਸਸ਼ਤਰਧਾਰੀਆਂ ਵੱਲੋਂ ਮਿਹਨਤ-ਕਸ਼ ਲੋਕਾਂ ਦੀ ਇਸ ਨੱਗੀ ਚਿੱਟੀ ਲੁੱਟ ਵਧ ਜਾਣ ਅਤੇ ਕੰਮ ਕਰਨ ਵਾਲਿਆਂ ਲੋਕਾਂ ਵਿੱਚ ਇਹ ਵਿਚਾਰ ਪ੍ਰਬਲ ਹੋਇਆ ਕਿ ਜਦ ’ਰਮਾਇਣ-ਯੁਗ’ ਦੇ ਆਰੰਭ ਵਿੱਚ ਕ੍ਰਿਤ ਪ੍ਰਧਾਨ ਦਾ ਫਲਸਫਾ ਦਰੁਸਤ ਸੀ ਤਾਂ ਅੱਜ ਕਿਉਂ ਨਹੀਂ? ਹੁਣ ਵੀ ਅਸਲ ਕੰਮ ਕਰਨ ਵਾਲੇ ਨੂੰ ਵਧੇਰੇ ਖੁਰਾਕ ਦੀ ਲੋੜ ਹੈ। ਪ੍ਰਬੰਧ ਵਿੱਚ ਕੰਮ ਕਰਨ ਵਾਲਿਆਂ ਦੀ ਰਾਇ ਲੈਣੀ ਜ਼ਰੂਰੀ ਹੈ। ਇਸ ਦਾ ਜੁਆਬ ਸਮਾਜ ਦੀਆਂ ਪ੍ਰਤੱਖ ਲੋੜਾਂ ਦੇ ਸਾਹਮਣੇ ਕੋਈ ਨਹੀਂ ਸੀ। ਪੈਦਾਵਾਰ ਦੀ ਉੱਨਤੀ ਅਤੇ ਪੈਦਾਵਾਰੀ ਸਾਧਨਾਂ ਦੀ ਉੱਨਤੀ ਲਈ ਅਸਲ ਵਿੱਚ ਜੁੱਟੇ ਲੋਕਾਂ ਦੀ ਪਹਿਲ-ਕਦਮੀ, ਰਾਏ ਅਤੇ ਉਹਨਾਂ ਦੀ ਰੋਟੀ-ਕੱਪੜੇ ਦਾ ਪੂਰਾ ਪ੍ਰਬੰਧ ਸਮੇਂ ਦੀ ਮੰਗ ਸੀ। ਇਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਹਾਕਮ ਜਮਾਤ ਜੋ ਨਰੇਸ਼ਾ ਤੋਂ ਬਦਲ ਕੇ ਨਰ-ਪਤੀ ਹੋ ਚੁੱਕੀ ਸੀ ਨੇ ਮੁੜ ਪ੍ਰੋਹਿਤਵਾਦ ਦਾ ਆਸਾਰ ਲੈਣ ਦਾ ਯਤਨ ਕੀਤਾ ਅਤੇ ਪ੍ਰੋਹਿਤਾਂ ਨੂੰ ਬ੍ਰਾਹਮਣ ਦੇ ਰੂਪ ਵਿੱਚ ਆਪਣਾ ਨਵਾਂ ਸਹਾਈ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤਾ, ”ਸਰਬ-ਸੁੱਖ ਦਾਤਾ ਰਾਮ ਹੈ” ਭਾਵ ’ਰਾਮ’ ਹਰ ਬੰਦੇ ਨੂੰ ਉਸ ਦੀ ਕ੍ਰਿਤ ਦਾ ਫਲ ਦਿੰਦਾ ਹੈ, ਕਿਸੇ ਨੂੰ ਕਿਸੇ ਕਿਰਤ ਦਾ ਕਿੰਨਾ ਫਲ ਮਿਲੇ ਇਸ ਦਾ ਨਿਰਣਾ ਬਿਧ-ਮਾਤਾ ਅਥਵਾ ’ਗੌਰੀ’ ਹਰ ਵਿਅਕਤੀ ਦੀ ਕਿਰਤ ਦਾ ਹਿਸਾਬ-ਕਿਤਾਬ ਕਰਕੇ ਉਸ ਦੇ ਜਨਮ ਸਮੇਂ ਉਸ ਦਾ ਭਾਗ ਗਣਾ ਦਿੰਦੀ ਹੈ ਤੇ ਇਹ ਭਾਗ ਹੀ ਉਸ ਨੂੰ ਮਿਲਦਾ ਹੈ।
ਪ੍ਰੋਹਿਤਾਂ ਨੇ ਬੜੀ ਚਲਾਕੀ ਨਾਲ ’ਕਸ਼ੱਤਰੀ’ ਤੋਂ ਦਾਨ ਦੇ ਰੂਪ ਵਿੱਚ ਬਿਨਾਂ ਕੰਮ ਕੀਤਿਆਂ ਵੇਤਨ ਲੈ ਕੇ ਲੋਕਾਂ ਨੂੰ ਇਹ ਗੱਲ ਆਖਣੀ ਸ਼ੁਰੂ ਕਰ ਦਿੱਤੀ ਕਿ ਜਿਸ ਤਰ੍ਹਾਂ ਇਸ ਸਾਲ ਦਾ ਲਾਇਆ ਬੂਟਾ ਅਗਲੇ ਜਾਂ ਅਗਲੇਰੇ ਸਾਲ ਫਲ ਦਿੰਦਾ ਹੈ, ਇਸੇ ਤਰ੍ਹਾਂ ਇਸ ਕੀਮਤੀ ਜਨਮ ਵਿੱਚ ਜੋ ਕੰਮ ਨਹੀਂ ਕਰਦੇ ਉਹਨਾਂ ਨੂੰ ਅਗਲੇ ਜਨਮ ਵਿੱਚ ਨਰਕ ਮਿਲੇਗਾ। ਜਿਹੜੇ ਲੋਕ ਇਸ ਜਨਮ ਵਿੱਚ ਸੁੱਖ ਐਸ਼-ਇਸ਼ਰਤ ਤੇ ਆਨੰਦ ਭੋਗ ਰਹੇ ਹਨ ਉਹਨਾਂ ਨੇ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਹੋਏ ਹਨ। ਇਹਨਾਂ ਦਾ ਇਹ ਸਿਧਾਂਤ ਮਿਹਨਤ-ਕਸ਼ ਜਨਤਾ ਨੂੰ ਵਰਗਲਾਉਣ ਵਿੱਚ ਸਫਲ ਸਿੱਧ ਹੋਇਆ। ਕਾਮ-ਗਰ ਲੋਕ (ਵੈਸ਼ ਤੇ ਸ਼ੂਦਰ) ਇਹ ਸਮਝ ਕੇ ਸਾਡੇ ਵਰਤਮਾਨ ਕਸ਼ਟਾਂ ਦਾ ਕਾਰਨ ਇਹ ਪ੍ਰੋਹਿਤ ਨਹੀਂ ਬਲਕਿ ਸਾਡਾ ਪਿਛਲਾ ਜਨਮ ਹੈ, ਇਹਨਾਂ ਪ੍ਰੋਹਿਤਾਂ ਦੀ ਸੇਵਾ ਵਿੱਚ ਜੁੱਟ ਗਏ ਇਸ ਆਸ ਨਾਲ ਕਿ ਸਾਡਾ ਅਗਲਾ ਜਨਮ ਸੁਧਰ ਜਾਵੇ। ਪ੍ਰੋਹਿਤਾਂ ਦਾ ਇਹ ’ਚਲਿੱਤਰ’ (ਟੈਕਸ ਟੂ ਐਕਸਪਲੋਆਇਟ) ਇੱਕ ਲੰਮੇ ਸਮੇਂ ਤੱਕ ਆਮ ਕੰਮ ਕਰਨ ਵਾਲੇ ਲੋਕਾਂ ਦੀ ਲੁੱਟ ਕਰਨ ਵਿੱਚ ਪ੍ਰੋਹਿਤਾਂ ਦਾ ਹਥਿਆਰ ਬਣਿਆ ਰਿਹਾ। ’ਰਾਜਾ ਹਰੀਸ਼ ਚੰਦਰ ਤੇ ਤਾਰਾ ਰਾਣੀ’ ਨਾਂ ਦੀ ਮਿਥਿਹਾਸਕ ਕਹਾਣੀ ਵੀ ਇਸੇ ਸਮੇਂ ਰਚੀ ਗਈ। ਇਸ ਕਹਾਣੀ ਦਾ ਮੰਤਵ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਜੇ ਬੰਦਾ ਰਾਜਾ ਹੋ ਕੇ ਵੀ ਕਿਸੇ ਪਾਸ ਵਿਕ ਜਾਵੇ ਤਾਂ ਉਸ ਨੂੰ ਵੀ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਇਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਰਾਜਾ ਹਰੀਸ਼-ਚੰਦਰ ਨੇ ਕੀਤੀ। ਰਾਜਾ ਹਰੀਸ਼ ਚੰਦਰ ਨੂੰ ਪਤਾ ਸੀ ਕਿ ਉਸ ਦੀ ਸੁਪਤਨੀ ਬੇਕਸੂਰ ਹੈ, ਉਸ ਦਾ ਪੁੱਤ ਮਾਰਿਆ ਗਿਆ, ਉਹ ਆਪ ਉਸ ਵੇਲੇ ਤਿੰਨ ਦਿਨ ਦਾ ਭੁੱਖਾ ਸੀ ਪਰ ਫਿਰ ਵੀ ਆਪਣੇ ਮਾਲਕ ਦੇ ਕਹਿਣ ਤੇ ਆਪਣੀ ਵਹੁਟੀ ਨੂੰ ਵੱਢਣ ਲਈ ਤਿਆਰ ਹੋ ਗਿਆ। ਉਸ ਦੇ ਇਸ ’ਕਰਮ’ (ਕੰਮ) ਤੋਂ ਭਗਵਾਨ ਜੀ ਬਹੁਤ ਪ੍ਰਸੰਨ ਹੋਏ ਅਤੇ ਵਿਸ਼ਣੂ ਜੀ ਨੇ ਉਸ ਦੀ ਸਾਰੀ ਨਗਰੀ ਨੂੰ ਹੀ ਸਵਰਗਾਂ ਵਿੱਚ ਥਾਂ ਦੇ ਦਿੱਤੀ।
ਹੌਲੀ-ਹੌਲੀ ਦਾਸਾਂ ਨੂੰ ਜਿੱਤ ਕੇ ਲਿਆਉਣ ਤੇ ਕਾਬੂ ਰੱਖਣ ਲਈ ਸਸ਼ਤਰ ਧਾਰੀ ਬੰਦਿਆਂ ਦੀ ਮਹਾਨਤਾ ਵਧਦੀ ਗਈ ਅਤੇ ਭਗਵਤੀ ਦੀ ਥਾਂ ਭਗਵਾਨ ਦੀ ਮਹਾਨਤਾ ਹੋ ਗਈ। ਇਸ ਰਮਾਇਣ ਵਿੱਚ ਸੀਤਾ ਨੂੰ ਘਰੋਂ ਰਾਮ ਚੰਦਰ ਦੀ ਮਰਜ਼ੀ ਨਾਲ ਕੱਢੇ ਜਾਣ ਦੀ ਗੱਲ ਦਰਸਾਉਂਦੀ ਹੈ। ਹੋਰ ਅੱਗੇ ਚੱਲ ਕੇ ਜਿਸ ਵੇਲੇ ਸ੍ਰੀ ਰਾਮ ਇੱਕ ਯੱਗ ਕਰਨ ਲੱਗੇ, ਉਸ ਸਮੇਂ ਪ੍ਰੋਹਿਤ ਨੇ ਪੁਰਾਣੇ ਰਿਵਾਜ਼ ਅਨੁਸਾਰ ਇਹ ਗੱਲ ਆਖੀ ਕਿ ਯੱਗ ਸਮੇਂ ਭਗਵਾਨ ਦੇ ਨਾਲ ਭਗਵਤੀ ਦਾ ਹੋਣਾ ਜ਼ਰੂਰੀ ਹੈ। ਐਪਰ ਸੀਤਾ ਉਸ ਸਮੇਂ ਮੌਕੇ ਤੇ ਨਹੀਂ ਸੀ। ਸੋ, ਪ੍ਰੋਹਿਤ ਨੇ ਆਪਣੇ ਨਵੇਂ ਵਿਧਾਨ ਅਨੁਸਾਰ ਸੀਤਾ ਜੀ ਦੀ ਸੋਨੇ ਦੀ ਮੂਰਤੀ ਤਿਆਰ ਕਰਵਾਈ ਅਤੇ ਰਾਮ ਚੰਦਰ ਜੀ ਕੋਲ ਰੱਖ ਦਿੱਤੀ ਅਤੇ ਇਸ ਤਰ੍ਹਾਂ ਯੱਗ ਆਰੰਭ ਦਿੱਤਾ। ਕਹਿਣ ਤੋਂ ਭਾਵ ਇਹ ਮਿਥਿਹਾਸਕ ਕਥਾ ਇਸ ਸਚਿਆਈ ਨੂੰ ਦਰਸਾਉਂਦੀ ਹੈ ਕਿ ਗੁਲਾਮਦਾਰੀ ਯੁੱਗ ਵਿੱਚ ਇਸਤਰੀ ਆਪ ਆਦਮੀ ਦੀ ਜਾਇਦਾਦ ਬਣ ਗਈ। ਇਸ ਤਰ੍ਹਾਂ ਦੂਸਰਿਆਂ ਗਣਾਂ ਦੇ ਮੁੱਲ ਲਿਆਂਦੇ ਜਾਂ ਜਿੱਤੇ ਦਾਸ-ਦਾਸੀਆਂ ਆਪਣੇ ਪ੍ਰਭੂ ਦੀ ਜਾਇਦਾਦ ਸਨ, ਉਸੇ ਤਰ੍ਹਾਂ ਭਗਵਤੀ ਜੋ ਪਹਿਲਾਂ ਪੂਜਣ ਯੋਗ ਸਮਝੀ ਜਾਂਦੀ ਸੀ, ਲੱਛਮੀ (ਜਾਇਦਾਦ: ਸੰਪਤੀ) ਬਣ ਗਈ। ’ਭਗਵਤੀ’ ਤੇ ’ਮਾਤਾਰਾਣੀ’ ਅਥਵਾ ’ਗੌਰੀ’ ਦੀ ਥਾਂ ਹੁਣ ਮੰਦਰਾਂ ਵਿੱਚ ਔਰਤਾਂ ਦੀਆਂ ਮੂਰਤੀਆਂ ਨੇ ਪ੍ਰਾਪਤ ਕਰ ਲਈ।
ਪੁਰਾਣੇ ਗਣੇਸ਼ ਤੇ ਗਣਪਤੀ ਦੀ ਥਾਂ ਉਨ੍ਹਾਂ ਦੀਆਂ ਮੂਰਤੀਆਂ (ਜਿਹੜੀਆਂ ਕਿਸੇ ਸਮੇਂ ਮਿਹਨਤ-ਕਸ਼ ਜਨਤਾ ਦੇ ਪ੍ਰਤੀਨਿਧ, ਕਿਸੇ ਸਿਆਣੇ ਕਾਰਟੂਨਿਸਟ ਨੇ ਲੋਟੂ ਜਮਾਤਾਂ ਵਿਰੁੱਧ ਕਟਾਖਸ ਤੇ ਵਿਅੰਗ ਵਜੋਂ ਪੇਸ਼ ਕੀਤੀਆਂ ਸਨ) ਨੇ ਲੈ ਲਈ। ਪ੍ਰਤੱਖ-ਸ਼ਕਤੀਆਂ ਦੀ ਪੂਜਾ ਦੀ ਥਾਂ ਮੰਦਰ ਵਿੱਚ ਪਈ ਕਿਸੇ ਇਸਤਰੀ ਦੀ ਮੂਰਤੀ ਦੇ ਨਾਲ ਹੀ ਪਿਛਲੇ ਸਮੇਂ ਇੱਕ ਸੂਰਜ ਜਿਹਾ ਬਣਾ ਦਿੱਤਾ। ਸਾਰੇ ਸੰਸਾਰ ਦੀ ਰਚਣਹਾਰ ਸ਼ਕਤੀ ਵਿਸ਼ਕਰਮਾਂ (ਵਿਸ਼ਵ ਦੀਆਂ ਹੱਥੀਂ ਮਿਹਨਤ ਕਰਕੇ ਖਾਣ ਵਾਲੀਆਂ ਸ਼੍ਰੇਣੀਆਂ) ਦੀ ਥਾਂ ਇੱਕ ਅਨੇਕਾਂ ਬਾਹਾਂ ਵਾਲਾ ਵਿਅਕਤੀ ਬਣਾ ਕੇ ਉਸ ਦੇ ਵੱਖ-ਵੱਖ ਹੱਥਾਂ ਵਿੱਚ ਔਜਾਰ ਪਕੜਾ ਦਿੱਤੇ। ਸਮਾਜ ਵਿੱਚ ਦਰਸਾਈਆਂ ਗਈਆਂ, ਸਮਾਜ ਦੀਆਂ ਤਿੰਨ ਸ਼ਕਤੀਆਂ ਪੈਦਾ ਕਰਨਾ, ਵੰਡਣਾ ਤੇ ਮੁੜ ਭੋਗਣਾ (ਵਰਤਣਾ) ਨੂੰ ਵੀ ਬ੍ਰਹਮਾਂ ਵਿਸ਼ਣੂ ਤੇ ਮਹਾਂਦੇਵ ਦੀਆਂ ਮੂਰਤੀਆਂ ਦੀ ਸ਼ਕਲ ਵਿੱਚ ਮੰਦਰਾਂ ਵਿੱਚ ਰੱਖ ਦਿੱਤਾ ਅਤੇ ਇਹਨਾਂ ਮੂਰਤੀਆਂ ਨੂੰ ਹੀ ਅਸਲ ਸ਼ਕਤੀਆਂ ਦੱਸਣ ਲਈ ਅਨੇਕਾਂ ਮਨ-ਘੜਤ ਤੇ ਊਂਟ-ਪਟਾਂਗ ਕਥਾ-ਕਹਾਣੀਆਂ ਨਾਲ ਜੋੜ ਦਿੱਤਾ। ਇਹ ਹੈ ਉਸ ਸਮੇਂ ਦੀਆਂ ਵਿਹਲੜ ਸ਼੍ਰੇਣੀਆਂ ਦੀ ਕਾਰਕਰਦਗੀ।
’ਰਾਮ’ ਨੇ ਇੱਕ ਸਮੇਂ ਦੇ ਇੱਕਾ-ਅਧਿਕਾਰੀ ਗਣਪਤੀਆਂ ਵਿਰੁੱਧ ਨਵੇਂ ਨਰੇਸ਼ਾਂ ਵਾਲੇ ਨਿੱਜੀ ਜਾਇਦਾਦ ਅਤੇ ਟੱਬਰ ਤੇ ਅਧਾਰਤ ਪ੍ਰਬੰਧ ਦਾ ਆਗੂ ਹੈ ਅਤੇ ਕਿਰਤ ਨੂੰ ਮਹਾਨਤਾ ਦੇਣ ਵਾਲਾ ਅਤੇ ਵਿਹਲੜ ਲੋਕ (ਗਣ-ਪਤੀਆਂ) ਦਾ ਵਿਰੋਧੀ ਹੈ। ਇਸੇ ’ਰਾਮ’ ਨੂੰ ਅੱਜ ਦੀਆਂ ਵਿਹਲੜ ਜਮਾਤਾਂ ’ਰੱਬੀ’ ਅਵਤਾਰ ਜਾਂ ਸ੍ਰਿਸ਼ਟੀ ਦਾ ਪਾਲਣਹਾਰ ਜਾਂ ਵਿਸ਼ਣੂ ਦਾ ਅਵਤਾਰ ਦੱਸ ਕੇ ਉਸ ਦੇ ਉਕਤ ਮਹਾਨ ਫਲਸਫੇ ਨੂੰ ਅਗੰਮ ਤੇ ਅਗੋਚਰ ਦੇ ਸਪੁਰਦ ਕਰਕੇ ਆਪ ਐਨ ਉਸ ਤੋਂ ਉਲਟ, ਮੁੜ ਮਿਹਨਤੀ ਲੋਕਾਂ ਦੀ ਮਿਹਨਤ ਲਈ, ’ਕਰਮ’ ਦੇ ਮਹਾਨ (ਪ੍ਰਤੱਖਵਾਦੀ) ਫਲਸਫੇ ਨੂੰ ਪਿਛਲੇ ਜਨਮ ਦੇ ਕਰਮਾਂ ਨਾਲ ਬੰਨ੍ਹਣ ਦਾ ਢਕਵੰਜ ਰਚ ਲਿਆ ਅਤੇ ਇਤਿਹਾਸ ਨੂੰ ਮਿਥਿਹਾਸ ਦੀ ਨਵੀਂ ਰੰਗਣ ਵਿੱਚ ਰੰਗ ਦਿੱਤਾ। ’ਰਾਮ’ ਨੂੰ ਪ੍ਰਤੱਖ ਮਨੁੱਖ ਸਮੇਂ ਦੀ ਜਨਤਾ ਦਾ ਆਗੂ ਦਰਸਾਉਣ ਦੀ ਥਾਂ, ਸਰਬ-ਵਿਆਪੀ-ਰੱਬ ਭਾਵ ਸਰਬ ਸ੍ਰਿਸ਼ਟੀ ਦਾ ਮਾਲਕ ਦੱਸ ਕੇ ਨਵੇਂ ਦਾਸਾਂ ਦੇ ਪ੍ਰਭੂਆਂ, ਗੁਲਾਮਦਾਰਾਂ ਨੂੰ ’ਰਾਮ’ ਦਾ ਰੂਪ ਤੇ ਰਾਮ ਨੂੰ ਉਹਨਾਂ ਦਾ ਰੂਪ ਦੱਸਣ ਲੱਗ ਪਏ। ਪ੍ਰਭੂ ਅਤੇ ਰਾਮ ਦੋ ਸ਼ਬਦਾਂ ਦੇ ਅੰਤਰ ਨੂੰ ਮਿਟਾ ਕੇ ਦੋਹਾਂ ਨੂੰ ਇੱਕ ਦੂਜੇ ਵਿੱਚ ਰਲਾ-ਮਿਲਾ ਦਿੱਤਾ। ਇਸ ਨਵੇਂ ਲੁਟੇਰੇ ਪ੍ਰਬੰਧ ਨੂੰ ਅਸੀਂ ਉਪਨਿਸ਼ਦਕ ਧਰਮ ਜਾਂ ਪ੍ਰਹਿਤਵਾਦ ਆਖਾਂਗੇ।
ਪੈਦਾਵਾਰੀ ਦੇ ਸੰਦ ਤੇ ਸਾਧਨ ਲਗਾਤਾਰ ਉਨਤੀ ਕਰਦੇ ਗਏ। ਬੰਦੇ ਨੇ ਆਪਣੀ ਸਵਾਰੀ ਲਈ ਘੋੜੇ ਅਤੇ ਹਲ ਖਿੱਚਣ ਲਈ ਬਲਦ ਦੀ ਵਰਤੋਂ ਅਰੰਭ ਦਿੱਤੀ। ਇਨ੍ਹਾਂ ਨਵਿਆਂ ਸੰਦਾਂ ਤੇ ਸਾਧਨਾਂ ਦੀ ਉਪਜ ਨੇ ਬੰਦਿਆਂ ਪਾਸੋਂ ਹਲ ਖਿਚਾਉਣ ਤੇ ਬੰਦਿਆਂ ਨੂੰ ਭਾਰ ਚੁਕਾ ਕੇ ਚੀਜ਼ ਨੂੰ ਇੱਧਰ-ਉੱਧਰ ਲਿਜਾਣ ਦੇ ਕੰਮ ਨੂੰ ਹਾਸੋ-ਹੀਣਾ ਬਣਾ ਦਿੱਤਾ। ਪਸ਼ੂਆਂ ਤੋਂ ਭਾਰ ਢੋਣ, ਹਲ ਖਿਚਵਾਉਣ ਦੀ ਤਕਨੀਕ ਆ ਜਾਣ ਨਾਲ ਇੱਕ ਵਿਅਕਤੀ ਲਈ ਕਈ ਵਿਅਕਤੀਆਂ ਜਿੰਨਾ ਕੰਮ ਕਰਨਾ ਸੰਭਵ ਹੋ ਗਿਆ। ਜਿੱਥੇ ਇੱਕ ਆਦਮੀ ਇੱਕ ਮਣ ਭਾਰ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦਾ ਸੀ ਉੱਥੇ ਹੁਣ ਉਹੀ ਆਦਮੀ ਕਿਸੇ ਪਸ਼ੂ ਤੇ ਲੱਦ ਕੇ ਜ਼ਿਆਦਾ ਭਾਰ ਇੱਧਰ-ਉੱਧਰ ਲਿਜਾ ਸਕਦਾ ਸੀ। ਜਿੱਥੇ ਇੱਕ ਪ੍ਰੋਹਿਤ ਜਾਂ ਪ੍ਰਭੂ ਨੂੰ ਪਾਲਕੀ ਚੁੱਕਣ ਲਈ 4-5 ਆਦਮੀਆਂ ਦੀ ਜ਼ਰੂਰਤ ਸੀ, ਉੱਥੇ ਹੁਣ ਅਜਿਹਾ ਪ੍ਰਭੂ ਆਪ ਹੀ ਘੋੜੇ ਜਾਂ ਕਿਸੇ ਹੋਰ ਅਜਿਹੇ ਜਾਨਵਰ ਤੇ ਚੜ੍ਹ ਕੇ ਮੀਲਾਂ-ਬੱਧੀ ਸਫਰ ਕਰਦਾ ਸੀ। 5-7 ਆਦਮੀ ਜੋੜ ਕੇ ਹਲ ਖਿਚਾਉਣ ਦੀ ਥਾਂ ਇਸ ਹਲ ਨੂੰ ਸੌਖਿਆਂ ਹੀ ਦੋ ਬੈਲ ਖਿੱਚ ਸਕਦੇ ਸਨ। ਗੱਲ ਕੀ, ਨਵੇਂ ਸਾਧਨਾਂ ਦੀ ਵਰਤੋਂ ਨਾਲ ਇੱਕ ਮਨੁੱਖ ਉਹਨਾਂ ਪਿੜਾਂ ਵਿੱਚ ਜਿੱਥੇ ਪਸ਼ੂ ਦੀ ਵਰਤੋਂ ਹੋ ਸਕੇ, ਆਪਣੀ ਸ਼ਕਤੀ ਨਾਲੋਂ ਦਸ ਵੀਹ ਗੁਣਾਂ ਵੱਧ ਕੰਮ ਕਰਨ ਦੇ ਸਮਰੱਥ ਹੋ ਗਿਆ। ਸੋ, ਨਵਿਆਂ ਸੰਦਾਂ ਸਾਧਨਾਂ ਨੇ ਸਮਾਜ ਵਿੱਚ ਨਵੀਂ ਸੋਚ ਪ੍ਰਬਲ ਕਰ ਦਿੱਤੀ। ਮਨੁੱਖ ਤੋਂ ਪਸ਼ੂ ਦਾ ਕੰਮ ਨਾ ਲਿਆ ਜਾਵੇ ਸਗੋਂ ਮਨੁੱਖ ਰਾਹੀਂ ਪਸ਼ੂਆਂ ਤੋਂ ਕੰਮ ਲਿਆ ਜਾਵੇ। ਇਸ ਨਾਲ ਜਿਵੇਂ ਅਸੀਂ ਪਹਿਲੇ ਦੱਸ ਚੁੱਕੇ ਹਾਂ, ਸਮਾਜ ਵਿੱਚ ਦੋ ਪ੍ਰਕਾਰ ਦੀ ਵਿਚਾਰਧਾਰਾ ਉਭਰ ਕੇ ਸਾਹਮਣੇ ਆ ਗਈ। ਇੱਕ ਪ੍ਰਤੱਖਵਾਦ, ਪਦਾਰਥਵਾਦ, ਲੋਕਾਇਤਾ ਜਾਂ ਚਾਰੂਵਾਕ ਜੋ ਪ੍ਰਤੱਖ ਨੂੰ ਸੱਚ ਮੰਨਦਾ ਹੋਇਆ ਪ੍ਰੋਹਿਤਵਾਦ ਦੇ ਅਪਰਤੱਖ, ਅਗੋਚਰ, ਅਗੰਮੀ ਫਲਸਫੇ ਨੂੰ ਝੁਠਲਾਉਂਦੇ ਸੀ।
ਇਹ ਪਦਾਰਥਵਾਦੀ ਸੋਚ ਉਸ ਸਮੇਂ ਦੀਆਂ ਪੈਦਾਵਾਰ ਵਿੱਚ ਜੁਟੀਆਂ ਜਮਾਤਾਂ ਦੀ ਸੀ ਅਤੇ ਦੂਜੇ ਬੰਨ੍ਹੇ ਮਿਹਨਤ ਨਾ ਕਰਨ ਵਾਲੇ ਵਿਹਲੜ ਲੋਕ ਰਾਜੇ, ਪ੍ਰੋਹਿਤ ਤੇ ਸ਼ਾਹੂਕਾਰ ਅਤੇ ਹੋਰ ਜਾਦੂ ਟੂਣਿਆਂ ਤੇ ਅਵਾਗੌਣ ਦੇ ਆਸਰੇ ਪਲਦੇ ਲੋਕ ਇਸ ਪ੍ਰਤੱਖ ਫਲਸਫੇ ਦਾ ਵਿਰੋਧ ਕਰਦੇ ਸਨ। ਵਿਰੋਧ ਹੀ ਨਹੀਂ ਬਲਕਿ ਇਸ ਨੂੰ ਗਲਤ ਸਾਬਤ ਕਰਨ ਲਈ ਮਨ-ਘੜਤ ਕਹਾਣੀਆਂ ਅਤੇ ਹੋਰ ਹਰਬੇ-ਜਰਬੇ ਵਰਤਦੇ ਸਨ। ਜਦ ਉਹਨਾਂ ਦੇ ਇਹ ਹਥਿਆਰ ਨਾਕਾਮ ਸਿੱਧ ਹੁੰਦੇ ਇਸਦੇ ਤਾਂ ਉਹ ਵੀ ਇਸ ਪ੍ਰਤੱਖ ਫਲਸਫੇ ਨੂੰ ਬਾਹਰੀ ਤੌਰ ਤੇ ਅਪਣਾ ਕੇ ਇਸ ਦੇ ਆਪਣੇ ਢੰਗ ਨਾਲ ਅਰਥ ਕਢਦੇ ਸਨ। ਬੜੀ ਚੁਸਤੀ ਨਾਲ ਕੁਝ ਇੱਕ ਲਿਖਾਰੀਆਂ ਨੂੰ ਖ੍ਰੀਦ ਕੇ ਪਦਾਰਥਵਾਦ ਨੂੰ ਰੂਹ ਦੇ ਨਾਲ ਜੋੜ ਕੇ ਮੁੜ ਗੈਬੀ ਸ਼ਕਤੀ ਦੇ ਗੇੜ ਵਿੱਚ ਪਾ ਕੇ ਇਸ ਨੂੰ ਆਪਣੇ ਮਨੋਰਥਾਂ ਲਈ ਵਰਤਣ ਯੋਗ ਬਣਾ ਲੈˆਦੇ ਸਨ। ਅੱਜ ਤੋਂ ਸੌ ਸਾਲ ਪਹਿਲੇ ਅੱਜ ਦੀ ਲੋਟੂ ਜਮਾਤ (ਸਰਮਾਏਦਾਰ) ’ਸਮਾਜਵਾਦ’ ਜਿਸ ਵਿੱਚ ਮਿਹਨਤੀ ਜਮਾਤਾਂ ਇਸ ਲੋਟੂ ਟੋਲੇ ਤੋਂ ਮੁਕਤੀ ਪ੍ਰਾਪਤ ਕਰਦੇ ਹਨ, ਨੂੰ ਗਲਤ ਦਸਦੇ ਸਨ। ਇਹ ਜਮਾਤੀ ਸੰਘਰਸ਼ ਜਾਰੀ ਰਿਹਾ। ਕੁਝ ਇੱਕ ਦੇਸ਼ਾਂ ਨੇ ਇਸ ਲੋਟੂ ਟੋਲੇ ਨੂੰ ਭਾਂਜ ਦੇ ਕੇ ਸਮਾਜਵਾਦ ਸਥਾਪਤ ਕਰਕੇ ਦੱਸ ਦਿੱਤਾ। ਹੁਣ ਇਹ ਕਿੱਦਾਂ ਕਹਿ ਸਕਦੇ ਸਨ ਕਿ ’ਸਮਾਜਵਾਦੀ’ ਪ੍ਰਬੰਧਕ ਲੋਕਾਂ ਨੂੰ ਮਾਫਕ ਨਹੀਂ। ਸੋ, ਲੋਟੂ ਜਮਾਤਾਂ ਨੇ ਇਸੇ ਰਾਹ ਤੇ ਚੱਲ ਕੇ ਲੋਕਾਂ ਦੀ ਲੁੱਟ ਜਾਰੀ ਰੱਖਣ ਦੇ ਨਿਸ਼ਾਨੇ ਨਾਲ ਆਪਣੇ ਹੀ ਕਿਸਮ ਦਾ ’ਸਮਾਜਵਾਦ’ ਦਾ ਪ੍ਰਚਾਰ ਸ਼ੁਰੂ ਕਤਿਾ ਹੋਇਆ ਹੈ। ਸਰਮਾਏਦਾਰਾਂ ਦੀਆਂ ਪ੍ਰਤੀਨਿਧ ਪਾਰਟੀਆਂ ਵੀ ’ਸਮਾਜਵਾਦ’ ਦੇ ਹਰਮਨ ਪਿਆਰੇ ਸੰਕਲਪ ਨੂੰ ਅੱਗੇ ਲੈ ਕੇ ਰਾਜ-ਸੱਤਾ ਤੇ ਭਾਰੂ ਹਨ। ਜੋ ਸਮਾਜਵਾਦ ਅੱਜ ਤੋਂ ਸਦੀ ਪਹਿਲਾਂ ਇਹਨਾਂ ਨੂੰ ਕੌੜਾ ਦਿਸਦਾ ਸੀ ਅੱਜ ਉਸ ਦੇ ਹੱਕ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਹਰ ਖੇਤਰ, ਹਰ ਮੋੜ ਤੇ ਹਰ ਪੱਧਰ ਤੇ ਵਰਗਲਾ ਰਹੀਆਂ ਹਨ।


Added 2010-03-10 16:33:19

Modified 2010-03-10 16:33:19




<    Displaying 1-1 of 1 Articles    >    Page:


PassPort Login




©2010 The Punjabi Patrika. All Rights Reserved.


Last Modified: 2010-04-30 10:08:30
022mxo(801mns.008)
ver : 1.0.0