| Similar Articles | Articles by this Reporter | |
| Contact Reporter | Tell-a-friend |
ਮੌਜੂਦਾ ਸਥਿਤੀ ਇਹ ਹੈ ਕਿ ਭਾਰੀ ਗਿਣਤੀ ’ਚ ਪੰਜਾਬੀਆਂ ਨੇ ਆਪਣਾ ਸਵੈਮਾਨ, ਇੱਜ਼ਤ, ਅਣਖ, ਸਭ ਕੁਝ ਨਸ਼ਿਆਂ ਦੇ ਦਾਅ ’ਤੇ ਲਾ ਕੇ ਸਿਰਫ਼ ਆਪਣੇ ਲਈ ਹੀ ਸਿਵਿਆਂ ਦਾ ਰਾਹ ਨਹੀਂ ਚੁਣਿਆ ਸਗੋਂ ਮਾਂ, ਬਾਪ, ਭੈਣ, ਭਰਾ, ਪਤਨੀ ਅਤੇ ਬੱਚਿਆਂ ਨੂੰ ਵੀ ਮੌਤ ਦੇ ਨੇੜੇ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੋਈ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਹਰ 8 ਮਿੰਟ ਬਾਅਦ ਇਕ ਨਸ਼ਈ ਦੀ ਮੌਤ ਹੁੰਦੀ ਹੈ।
ਨਸ਼ਿਆਂ ਦੀ ਵਰਤੋਂ ਕਾਰਨ ਨਸ਼ਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਹੱਡੀਆਂ ਦਾ ਢਾਂਚਾ ਹੀ ਬਣ ਗਏ ਹਨ। ਅੰਮ੍ਰਿਤਸਰ ਦੇ ਛੇਹਰਟਾ ਕਸਬੇ ਵਿਚ ਲਗਭਗ ਅੱਧੀਆਂ ਅਤੇ ਮਕਬੂਲਪੁਰਾ ਵਿਚ ਅੰਦਾਜ਼ਨ ਸਾਰੀਆਂ ਔਰਤਾਂ ਹੀ ਵਿਧਵਾਵਾਂ ਹਨ। ਅਜਿਹਾ ਕਿਸੇ ਦੁਸ਼ਮਣ ਨਾਲ ਯੁੱਧ ਕਰਕੇ ਨਹੀਂ, ਸਗੋਂ ਨਸ਼ਿਆਂ ਨਾਲ ਹੋਈਆਂ ਮੌਤਾਂ ਕਾਰਨ ਹੈ। ਅੰਮ੍ਰਿਤਸਰ ਦੀ ਮਕਬੂਲਪੁਰਾ ਬਸਤੀ ਵਿਚ ਉਹ ਬਦਨਸੀਬ ਮਾਵਾਂ ਰਹਿ ਰਹੀਆਂ ਹਨ ਜਿਨ੍ਹਾਂ ਦੇ ਪੁੱਤਾ ਨੂੰ ਨਸ਼ਿਆਂ ਨੇ ਖਾ ਲਿਆ, ਅਤੇ ਉਨ੍ਹਾਂ ਭੈਣਾਂ ਦੀਆਂ ਅੱਖਾਂ ਵਿਰਾਨ ਹਨ ਜਿਨ੍ਹਾਂ ਦੇ ਵੀਰਾਂ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਅਤੇ ਉਹ ਮਾਸੂਮ ਬੱਚੇ ਵੀ ਉਸ ਬਸਤੀ ਵਿਚ ਰਹਿ ਰਹੇ ਹਨ ਜਿਨ੍ਹਾਂ ਦੇ ਮਾਤਾ-ਪਿਤਾ, ਦੋਨੋਂ ਹੀ ਨਸ਼ਿਆਂ ਕਾਰਨ ਤੜਪ-ਤੜਪ ਕੇ ਮਰ ਗਏ।
ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਿਆਂ ਕਾਰਨ 25 ਫ਼ੀਸਦੀ ਪਰਿਵਾਰਾਂ ਵਿਚ ਰੋਜ਼ਾਨਾ ਕਲੇਸ਼ ਹੁੰਦਾ ਹੈ ਅਤੇ 37 ਫ਼ੀਸਦੀ ਪਰਿਵਾਰਾਂ ਵਿਚ ਕੁੱਟਮਾਰ ਦੀ ਨੌਬਤ ਆ ਜਾਂਦੀ ਹੈ। ਨਿੱਕੇ ਨਿੱਕੇ ਲੜਾਈ ਝਗੜੇ ਬਾਅਦ ਵਿਚ ਭਿਅੰਕਰ ਲੜਾਈ ਦਾ ਰੂਪ ਧਾਰ ਲੈˆਦੇ ਹਨ। ਬਹੁਤ ਸਾਰੇ ਨਸ਼ਈ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਕਾਰਤਮਿਕ ਸੋਚਾਂ ਦੇ ਧਾਰਨੀ ਬਣਕੇ ਆਤਮ ਹੱਤਿਆ ਵੀ ਕਰ ਲੈˆਦੇ ਹਨ। ਉਹ ਜ਼ਿੰਦਗੀ ਦੀਆਂ ਦੁਸ਼ਵਾਰੀਆਂ, ਤੰਗੀਆਂ-ਤੁਰਸੀਆਂ ਤੋਂ ਤੰਗ ਹੋ ਕੇ ਮੌਤ ਨੂੰ ਗਲ ਨਾਲ ਲਾ ਲੈˆਦੇ ਹਨ।
ਮਾਪੇ ਵੱਖਰੇ ਦੁਖੀ ਹਨ। ਪਿਛਲੇ ਅੱਠ ਮਹੀਨਿਆਂ ਵਿਚ 2852 ਅਜਿਹੇ ਕੇਸ ਸਾਹਮਣੇ ਆਏ ਹਨ ਜਿੱਥੇ ਮਾਪਿਆਂ ਨੇ ਖੂਨ ਦੇ ਅੱਥਰੂ ਕੇਰਦਿਆਂ ਆਪਣੇ ਨਸ਼ਈ ਪੁੱਤਰਾਂ ਨੂੰ ਘਰ ਦੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਨਸ਼ਈ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਅਤੇ ਚੰਗਾ ਨਾਗਰਿਕ ਨਹੀਂ ਬਣ ਸਕਦਾ। ਪੰਜਾਬ ਵਿਚ ਪਿਛਲੇ ਸਾਲ 5208 ਸੜਕ ਦੁਰਘਟਨਾਵਾਂ ਹੋਈਆਂ ਜਿਨ੍ਹਾਂ ਵਿਚ 3368 ਲੋਕਾਂ ਦੀਆਂ ਜਾਨਾਂ ਗਈਆਂ। ਇਨ੍ਹਾਂ ਹਾਦਸਿਆਂ ਵਿਚ 80 ਫ਼ੀਸਦੀ ਦੁਰਘਟਨਾਵਾਂ ਸਮੇਂ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਨਸ਼ੇ ਦੀ ਵਰਤੋਂ ਕਰਕੇ ਹਾਦਸੇ ਹੋਣ ਦੇ ਮੌਕੇ 7 ਗੁਣਾਂ ਅਤੇ ਮੌਤ ਹੋਣ ਦੇ ਮੌਕੇ 16 ਗੁਣਾਂ ਵਧ ਜਾਂਦੇ ਹਨ। ਪੰਜਾਬ ਵਿਚ ਅੰਦਾਜ਼ਨ 15 ਦੁਰਘਟਨਾਵਾਂ ਰੋਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਕਾਰਨ ਔਸਤਨ 9 ਵਿਅਕਤੀ ਹਰ ਰੋਜ਼ ਮਰ ਰਹੇ ਹਨ।
ਨਸ਼ਿਆਂ ਕਾਰਨ ਨੌਜਵਾਨ ਵਰਗ ਦੇ ਰਹਿਣ ਸਹਿਣ ਦੇ ਢੰਗ ਵਿਚ ਵੀ ਢੇਰ ਤਬਦੀਲੀ ਹੋਈ ਹੈ। ਉਹ ਇਕ ਕੰਨ ਵਿਚ ਨੱਤੀ, ਵਧੇ ਹੋਏ ਵਾਲ, ਫਰੈˆਚ ਕੱਟ ਦਾੜੀ, ਉੱਚੀ ਜਿਹੀ ਪਾਈ ਕਮੀਜ਼ ਦੇ ਨਾਲ ਰੰਗ ਬਿਰੰਗੀ ਜੀਨ ਪਾ ਕੇ ਨਸ਼ੇ ਵਿਚ ਟੁੰਨ ਰਹਿੰਦੇ ਹਨ। ਇਹ ਦੋਸਤਾਂ ਅਤੇ ਸਹੇਲੀਆਂ ਨੂੰ ਵੀ ਨਸ਼ੇ ਲਾਉਂਦੇ ਹਨ। ਸਮੈਕ ਇਕ ਮਹਿੰਗਾ ਅਤੇ ਜਾਨਲੇਵਾ ਨਸ਼ਾ ਹੈ। 1985 ਵਿਚ 3 ਫ਼ੀਸਦੀ ਨੌਜਵਾਨ ਇਸ ਨਸ਼ੇ ਦੀ ਵਰਤੋਂ ਕਰਦੇ ਸਨ ਅਤੇ ਹੁਣ ਅੰਦਾਜ਼ਨ 63 ਫ਼ੀਸਦੀ ਨੌਜਵਾਨ ਇਸ ਨਸ਼ੇ ਦੀ ਵਰਤੋਂ ਕਰਦੇ ਹਨ। ਸਮੈਕ ਜਿਹੇ ਮਹਿੰਗੇ ਨਸ਼ੇ ਦੀ ਇਕ ਗ੍ਰਾਮ ਦੀ ਕੀਮਤ 500 ਰੁਪਏ ਹੈ ਅਤੇ ਨਸ਼ਈ ਰੋਜ਼ਾਨਾ ਇਕ ਗ੍ਰਾਮ ਤੋਂ ਲੈ ਕੇ ਤਿੰਨ ਗ੍ਰਾਮ ਤੱਕ ਇਸ ਦੀ ਵਰਤੋਂ ਕਰ ਰਹੇ ਹਨ। ਇਸ ਕਰਕੇ ਜੁਰਮਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਨੌਜਵਾਨ ਅਫ਼ੀਮ, ਚਰਸ, ਗਾਂਜਾ, ਟੀਕੇ, ਕੈਪਸੂਲ, ਭੁੱਕੀ, ਸਮੈਕ, ਹੈਰੋਇਨ ਆਦਿ ਨਸ਼ਿਆਂ ਦੇ ਨਾਲ ਨਾਲ ਨਵੇਂ ਆਧੁਨਿਕ ਨਸ਼ੇ ਜਿਨ੍ਹਾਂ ਵਿਚ ਆਇਓਡੈਕਸ, ਪੈਟਰੋਲ ਦਾ ਸੁੰਘਣਾ, ਅੱਖਰਾਂ ਨੂੰ ਮਿਟਾਉਣ ਵਾਲਾ ਫਲਿਊਡ ਖਾਣਾ ਤੇ ਡੱਡੂਆਂ ਨੂੰ ਭਜਾ ਕੇ ਉਨ੍ਹਾਂ ਦਾ ਪਸੀਨਾ ਚੱਟਣਾ, ਕਿਰਲੀਆਂ ਦੀ ਰਾਖ ਨੂੰ ਸਿਗਰਟ ਵਿਚ ਪਾ ਕੇ ਪੀਣਾ ਆਦਿ ਵਰਤਦੇ ਹਨ। ਅਜਿਹੇ ਘਟੀਆ ਪੱਧਰ ਦੇ ਨਸ਼ਿਆਂ ਨਾਲ ਜਿੱਥੇ ਉਹ ਆਪਣੀ ਜਵਾਨੀ, ਮਾਪਿਆਂ ਦੇ ਸੁਪਨੇ ਅਤੇ ਆਪਣੀ ਪ੍ਰਤਿਭਾ ਦਾ ਨਾਸ਼ ਕਰਦੇ ਹਨ, ਉਥੇ ਕਮਜ਼ੋਰ ਮਾਨਸਿਕਤਾ ਦੇ ਕਾਰਨ ਉਹ ਥੋੜੇ ਜਿਹੇ ਲਾਲਚ ਵਿਚ ਆਕੇ ਆਪਣੇ ਹੱਕ ਦਾ ਸੌਦਾ ਵੀ ਕਰ ਲੈˆਦੇ ਹਨ। ਨਸ਼ਿਆਂ ਕਾਰਨ ਸਮਾਜ ਨੈਤਿਕ ਪਤਨ ਵੱਲ ਵਧ ਰਿਹਾ ਹੈ। ਰਿਸ਼ਤਿਆਂ ਦਾ ਮਹੱਤਵ ਖ਼ਤਮ ਹੋ ਰਿਹਾ ਹੈ। ਇਸ ਸਬੰਧੀ ਸਾਨੂੰ ਸਾਰਿਆਂ ਨੂੰ ਹੀ ਸੁਚੇਤ ਹੋਣ ਦੀ ਲੋੜ ਹੈ।
PassPort Login