| Similar Articles | Articles by this Reporter | |
| Contact Reporter | Tell-a-friend |
ਇੱਕ ਵਾਰੀ ਫਿਰ ਬੀਤੇ ਸਨੀਵਾਰ ਨੂੰ ਤਾਲਿਬਾਨ ਨੇ ਵੱਡਾ ਹਮਲਾ ਕੀਤਾ ਤੇ ਦਰਜਨ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਜਾਨ ਲੈ ਲਈ। ਅਜਿਹਾ ਪਹਿਲੀ ਵਾਰੀ ਨਹੀਂ ਹੋਇਆ। ਉਹ ਮੁੜ-ਮੁੜ ਕੇ ਇਸ ਤਰ੍ਹਾਂ ਦੇ ਹਮਲੇ ਕਰਦੇ ਹਨ, ਤਾਂ ਕਿ ਭਾਰਤੀ ਨਾਗਰਿਕਾਂ ਨੂੰ ਅਫਗਾਨਿਸਤਾਨ ਦੀ ਧਰਤੀ ਤੋਂ ਪਰੇ ਕੀਤਾ ਜਾਵੇ, ਪਰ ਉਨ੍ਹਾਂ ਨੂੰ ਕਾਮਯਾਬੀ ਨਾ ਮਿਲੀ ਹੈ, ਨਾ ਮਿਲੇਗੀ ਹੀ। ਇਹ ਭਾਰਤੀ ਲੋਕ ਓਥੇ ਕੋਈ ਜੰਗ ਲੜਨ ਨਹੀਂ ਗਏ ਹੋਏ, ਜੰਗਾਂ ਨਾਲ ਤਬਾਹ ਹੋਏ ਪਏ ਮੁਲਕ ਦੇ ਲੋਕਾਂ ਨੂੰ ਆਸਰਾ ਦੇਣ ਗਏ ਹਨ। ਜਿਹੜੇ ਇਹੋ ਜਿਹੇ ਨੇਕ ਕੰਮ ਗਏ ਹੋਣ, ਉਹ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਹੁੰਦੇ। ਭਾਰਤੀ ਨਾਗਰਿਕਾਂ ਉੱਤੇ ਇਹੋ ਜਿਹੇ ਹਮਲੇ ਹੋਣ ਮਗਰੋਂ ਵੀ ਨਾ ਪਹਿਲਾਂ ਕਿਸੇ ਕੰਪਨੀ, ਕਰਮਚਾਰੀ ਜਾਂ ਵਿਭਾਗ ਨੇ ਓਥੋਂ ਮੂੰਹ ਮੋੜਿਆ ਹੈ ਤੇ ਨਾ ਹੁਣ ਮੋੜਨਾ ਹੀ ਹੈ।
ਅਸਲ ਵਿੱਚ ਇਹ ਹਮਲੇ ਤਾਲਿਬਾਨ ਦੀ ਖਿਝ ਵੀ ਜ਼ਾਹਰ ਕਰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਮੁੜ-ਮੁੜ ਹਾਰਾਂ ਪੱਲੇ ਪਈਆਂ ਹਨ। ਹੇਲਮੰਡ ਪ੍ਰਾਂਤ ਦੇ ਮਾਰਜਾਹ ਕਸਬੇ ਉੱਤੇ ਉਨ੍ਹਾਂ ਦੀ ਜਕੜ ਟੁੱਟਣ ਮਗਰੋਂ ਓਥੇ ਸਥਾਨਕ ਕੌਂਸਲ ਦੇ ਪ੍ਰਬੰਧ ਦੀ ਸਥਾਪਤੀ ਵੀ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਦੇ ਕਈ ਵੱਡੇ ਆਗੂ, ਜਿਨ੍ਹਾਂ ਵਿੱਚ ਮੁੱਲਾ ਅਬਦੁਲ ਬਿਰਾਦਰ ਸ਼ਾਮਲ ਹੈ, ਜਦੋਂ ਸੂਹੀਆ ਏਜੰਸੀਆਂ ਦੇ ਹੱਥ ਆ ਗਏ ਤਾਂ ਸਥਾਨਕ ਵੱਸੋਂ ਉੱਤੇ ਇਹ ਪ੍ਰਭਾਵ ਪੈਣ ਲੱਗ ਗਿਆ ਕਿ ਹੁਣ ਤਾਲਿਬਾਨ ਪੈਰਾਂ ਤੋਂ ਉੱਖੜ ਸਕਦੇ ਹਨ। ਇਸ ਪ੍ਰਭਾਵ ਨੂੰ ਖਤਮ ਕਰਨ ਲਈ ਉਨ੍ਹਾਂ ਨੇ ਕਈ ਥਾਂਈਂ ਖੂਨ-ਖਰਾਬਾ ਕੀਤਾ, ਜਿਨ੍ਹਾਂ ਵਿੱਚ ਆਮ ਤੌਰ ’ਤੇ ਅਮਰੀਕੀ ਸੁਰੱਖਿਆ ਫੋਰਸਾਂ ਜਾਂ ਉਨ੍ਹਾਂ ਨਾਲ ਸਾਂਝ ਰੱਖਦੇ ਲੋਕ ਸ਼ਾਮਲ ਸਨ। ਭਾਰਤੀਆਂ ਉੱਤੇ ਕੀਤਾ ਹਮਲਾ ਇਸ ਨਾਲੋਂ ਥੋੜ੍ਹਾ ਜਿਹਾ ਵੱਖਰੇ ਰੰਗ ਵਿੱਚ ਹੈ, ਕਿਉਂਕਿ ਇਹ ਓਥੇ ਕਿਸੇ ਵੀ ਤਰ੍ਹਾਂ ਅਮਰੀਕੀ ਗੱਠਜੋੜ ਦੀਆਂ ਫੌਜਾਂ ਲਈ ਕੋਈ ਸਹਾਇਕ ਭੂਮਿਕਾ ਵੀ ਨਹੀਂ ਨਿਭਾ ਰਹੇ ਸਨ। ਇਸੇ ਕਰਕੇ ਇਸ ਨੂੰ ਵੱਖਰੇ ਪੱਖੋਂ ਵੀ ਸੋਚਣਾ ਬਣਦਾ ਹੈ।
ਭਾਰਤ ਦਾ ਇਸ ਸਾਰੇ ਖੇਤਰ ਵਿੱਚ ਜੇ ਕੋਈ ਸਭ ਤੋਂ ਤਿੱਖਾ ਵਿਰੋਧੀ ਹੈ ਤਾਂ ਇਹ ਗਵਾਂਢੀ ਦੇਸ਼ ਪਾਕਿਸਤਾਨ ਤੇ ਉਸ ਦੀ ਖੁਫੀਆ ਏਜੰਸੀ ਆਈ. ਐਸ. ਆਈ ਹੀ ਹੈ। ਉਸ ਵੱਲੋਂ ਸਰਪ੍ਰਸਤੀ ਅਤੇ ਹਰ ਤਰ੍ਹਾਂ ਦੀ ਸਹਾਇਤਾ ਉਨ੍ਹਾਂ ਦਹਿਸਤਗਰਦਾਂ ਨੂੰ ਵੀ ਦਿੱਤੀ ਜਾਂਦੀ ਹੈ, ਜਿਹੜੇ ਗਾਹੇ-ਬਗਾਹੇ ਥਾਵਾਂ ਬਦਲ ਕੇ ਭਾਰਤ ਉੱਤੇ ਹਮਲੇ ਕਰਦੇ ਰਹਿੰਦੇ ਹਨ। ਅਮਰੀਕੀ ਆਕਾਵਾਂ ਦੀ ਨਜ਼ਰ ਵਿੱਚ ਉਹ ਤਾਲਿਬਾਨ ਅਤੇ ਅਲ-ਕਾਇਦਾ ਵਿਰੁੱਧ ਲੜਾਈ ਲੜਨ ਦਾ ਭਰਮ ਕਾਇਮ ਰੱਖਦੇ ਹਨ, ਪਰ ਉਨ੍ਹਾਂ ਦੀ ਖੁਫੀਆ ਏਜੰਸੀ ਦਾ ਸੰਪਰਕ ਕਦੇ ਵੀ ਇਹਨਾਂ ਦਹਿਸ਼ਤਗਰਦਾਂ ਸੰਗਠਨਾਂ ਨਾਲੋਂ ਟੁੱਟਾ ਨਹੀਂ। ਇਸੇ ਸੰਪਰਕ ਨੂੰ ਵਰਤ ਕੇ ਅਫਗਾਨਿਸਤਾਨ ਵਿੱਚ ਭਾਰਤੀਆਂ ਉੱਤੇ ਇਹ ਹਮਲਾ ਪਾਕਿਸਤਾਨੀ ਏਜੰਸੀਆਂ ਵੱਲੋਂ ਕਰਵਾਏ ਜਾਣ ਦੇ ਵੀ ਚਰਚੇ ਹਨ। ਪਿਛਲੇ ਦੋਵਾਂ ਹਮਲਿਆਂ ਵੇਲੇ ਵੀ ਇਹ ਗੱਲ ਭਾਰਤ ਨੇ ਨਹੀਂ, ਅਫਗਾਨ ਅਤੇ ਅਮਰੀਕੀ ਅਧਿਕਾਰੀਆਂ ਨੇ ਕਹੀ ਸੀ।
ਅਫਗਾਨਿਸਤਾਨ ਦੀ ਮੌਜੂਦਾ ਹਕੂਮਤ ਪਿਛਲੇ ਸਮੇਂ ਵਿੱਚ ਪਾਕਿਸਤਾਨ ਦੀ ਭੂਮਿਕਾ ਤੋਂ ਖੁਸ਼ ਨਹੀਂ। ਪਾਕਿਸਤਾਨ ਦੇ ਸਖਤ ਵਿਰੋਧ ਦੇ ਬਾਵਜੂਦ ਉਸ ਨੇ ਵਿਕਾਸ ਦੇ ਕੰਮਾਂ ਲਈ ਹਮੇਸ਼ਾ ਭਾਰਤੀ ਕੰਪਨੀਆਂ ਅਤੇ ਵਿਭਾਗਾਂ ਨੂੰ ਤਰਜੀਹ ਦੇਣੀ ਜਾਰੀ ਰੱਖੀ ਹੈ। ਇਹ ਗੱਲ ਪਾਕਿਸਤਾਨੀ ਹਾਕਮਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਉਂਝ ਵੀ ਪਾਕਿਸਤਾਨੀ ਹਾਕਮ ਇਹ ਸਮਝਣ ਲੱਗੇ ਹਨ ਕਿ ਨਾਟੋ ਤੇ ਅਮਰੀਕੀ ਫੌਜਾਂ ਕਿਸੇ ਵੇਲੇ ਵੀ ਜਾ ਸਕਦੀਆਂ ਹਨ। ਇਹੋ ਜਿਹੇ ਹਾਲਾਤ ਵਿੱਚ ਉਹ ਸਮਝਦੇ ਹਨ ਕਿ ਪੂਰਬੀ ਪਾਸੇ ਅਣਸੁਖਾਵੇਂ ਸਬੰਧਾਂ ਵਾਲਾ ਭਾਰਤ ਅਤੇ ਪੱਛਮੀਂ ਪਾਸੇ ਅਣਸੁਖਾਵੇਂ ਸਬੰਧਾਂ ਵਾਲਾ ਅਫਗਾਨਿਸਤਾਨ ਜੇ ਇੱਕ ਦੂਜੇ ਦੇ ਬਾਹਲਾ ਨੇੜੇ ਆਉਂਦੇ ਹਨ ਤਾਂ ਪਾਕਿਸਤਾਨ ਉਹਨਾਂ ਦੋਵਾਂ ਦੇ ਵਿਚਾਲੇ ਘਿਰ ਕੇ ਰਹਿ ਜਾਵੇਗਾ। ਉਹਦੀ ਕੋਸ਼ਿਸ਼ ਇਹ ਹੈ ਕਿ ਅਮਰੀਕੀ ਗੱਠਜੋੜ ਦੇ ਜਾਣ ਮਗਰੋਂ ਉਹ ਫਿਰ ਕਾਬਲ ’ਤੇ ਆਪਣਾ ਡੇਢ ਦਹਾਕੇ ਪਹਿਲਾਂ ਵਾਲਾ ਗਲਬਾ ਕਾਇਮ ਕਰ ਸਕੇ। ਇਸੇ ਲਈ ਉਨ੍ਹਾਂ ਵੱਲੋਂ ਸਿੱਧੇ ਟੇਢੇ ਰਸਤਿਆਂ ਰਾਹੀਂ ਓਥੇ ਕੰਮ ਕਰ ਰਹੇ ਭਾਰਤੀਆਂ ਉੱਤੇ ਹਮਲੇ ਕਰਵਾਏ ਜਾ ਰਹੇ ਹਨ। ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਿਛਲੇ ਹਮਲੇ ਵਿੱਚ ਕੁਝ ਭਾਰਤੀਆਂ ਦੇ ਮਾਰੇ ਜਾਣ ਉੱਤੇ ਜਦੋਂ ਪਾਕਿਸਤਾਨੀ ਏਜੰਸੀਆਂ ਨੂੰ ਦੋਸ਼ੀ ਗਰਦਾਨਿਆ ਸੀ ਤਾਂ ਓਦੋਂ ਪਾਕਿਸਤਾਨ ਦੇ ਹਾਕਮਾਂ ਨੂੰ ਬਹੁਤ ਤੜਫਣੀ ਛਿੜੀ ਸੀ, ਪਰ ਕੌੜਾ ਹੀ ਸਹੀ, ਸੱਚ ਤਾਂ ਆਖਰ ਸੱਚ ਹੈ, ਜਿਸ ਨੂੰ ਕੋਈ ਝੁਠਲਾ ਨਹੀਂ ਸਕਦਾ।
ਤਾਜ਼ਾ ਹਮਲੇ ਵਿੱਚ ਭਾਰਤੀਆਂ ਦੇ ਮਾਰੇ ਜਾਣ ਪਿੱਛੋਂ ਵੀ ਭਾਰਤ ਨੇ ਓਥੇ ਆਪ ਲੜਨ ਲਈ ਫੌਜਾਂ ਨਹੀਂ ਚਾੜ੍ਹ ਦੇਣੀਆਂ। ਉਹ ਇੱਕੋ ਕੰਮ ਕਰ ਸਕਦਾ ਹੈ ਕਿ ਸੰਸਾਰ ਦੀ ਸੱਥ ਵਿੱਚ ਇਹ ਮੁੱਦਾ ਉਠਾਵੇ ਕਿ ਉਸ ਦੇ ਨਾਗਰਿਕਾਂ ਦਾ ਖੂਨ ਵਗਾਉਣ ਲਈ ਤਾਲਿਬਾਨ ਤੇ ਪਾਕਿਸਤਾਨ ਦਾ ਨਾਪਾਕ ਗੱਠਜੋੜ ਹੈ। ਇਹ ਗੱਲ ਉਸ ਨੇ ਅੱਗੇ ਵੀ ਕੀਤੀ ਹੈ ਤੇ ਹੁਣ ਵੀ ਕਰੇਗਾ। ਸਾਊਦੀ ਅਰਬ ਦੀ ਤਾਜ਼ਾ ਫੇਰੀ ਮੌਕੇ ਵੀ ਸਾਰੇ ਪ੍ਰਧਾਨ ਮੰਤਰੀ ਨੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਧਾਰਨਾ ਭਾਵੇਂ ਰੱਦ ਕੀਤੀ, ਪਰ ਓਥੋਂ ਦੇ ਸੁਲਤਾਨ ਨੂੰ ਇਹ ਸਾਫ ਕਹਿ ਦਿੱਤਾ ਹੈ ਕਿ ਪਾਕਿਸਤਾਨ ਨਾਲ ਤੁਹਾਡੇ ਸਬੰਧ ਨੇੜਲੇ ਹਨ ਉਸ ਨੂੰ ਸਮਝਾਓ। ਭਾਰਤ ਨੇ ਪੱਛਮੀਂ ਮੁਲਕਾਂ ਨੂੰ ਵੀ ਇਹੋ ਗੱਲ ਕਹਿਣੀ ਚਾਹੀਦੀ ਹੈ।
PassPort Login